ਔਰਤਾਂ ਨੂੰ ਸਹਾਇਕ ਧੰਦਿਆਂ ਨਾਲ ਜੋੜ ਕੇ ਪਰਿਵਾਰ ਦਾ ਆਰਥਿਕ ਪੱਧਰ ਉਚਾ ਚੁੱਕਿਆ ਜਾ ਸਕਦਾ ਹੈ: ਡਾ: ਕੁਲਵਿੰਦਰ ਸਿੰਘ। ਖੇਤੀਬਾੜੀ ਵਿਭਾਗ ਨੇ ਔਰਤਾਂ ਨੂੰ ਸਹਾਇਕ ਧੰਦਿਆਂ ਦੀ ਸਿਖਲਾਈ ਕਰਵਾਈ।

ਅਮਲੋਹ/ਫ਼ਤਹਿਗੜ੍ਹ ਸਾਹਿਬ/19 ਜੂਨ/ਪੰਕਜ ਬਾਂਸਲ

 

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾ: ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਪਿੰਡ ਟਿੱਬੀ ਵਿਖੇ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਆਈਸ ਕਰੀਮ, ਸ਼ੇਕ ਅਤੇ ਸੁਕੈਸ਼ ਬਣਾਉਣ ਲਈ ਇੱਕ ਦਿਨ ਦੀ ਟਰੇਨਿੰਗ ਕਰਵਾਈ ਗਈ। ਇਸ ਮੌਕੇ ਆਤਮਾ ਦੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਹਰਮਨਜੀਤ ਸਿੰਘ ਨੇ ਕਿਸਾਨ ਬੀਬੀਆਂ ਨੂੰ ਵਿਭਾਗ ਅਧੀਨ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਟਰੇਨਿੰਗ ਦਾ ਮੁੱਖ ਮੰਤਵ ਕਿਸਾਨ ਬੀਬੀਆਂ ਨੂੰ ਸਹਾਇਕ ਧੰਦਿਆਂ ਨਾਲ ਜੋੜ ਕੇ ਉਨ੍ਹਾਂ ਦਾ ਆਰਥਿਕ ਪੱਧਰ ਉਚਾ ਚੁੱਕਣਾ ਹੈ। ਉਨ੍ਹਾਂ ਦੱਸਿਆ ਕਿ ਆਤਮਾ ਸਕੀਮ ਅਧੀਨ ਦਿੱਤੀ ਜਾ ਰਹੀ ਇਸ ਸਿਖਲਾਈ ਵਿੱਚ ਭਾਗ ਲੈ ਕੇ ਕਿਸਾਨ ਅਤੇ ਕਿਸਾਨ ਬੀਬੀਆਂ ਆਪਣਾ ਸਹਾਇਕ ਧੰਦਾ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਤੇ ਕਿਸਾਨ ਬੀਬੀਆਂ ਨੁੰ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ।

 

ਇਸ ਮੌਕੇ ਕਿਸ੍ਰੀ ਵਿਗਿਆਨ ਕੇਂਦਰ ਦੀ ਡਾ: ਮਨੀਸ਼ਾ ਭਾਟੀਆ ਨੇ ਕਿਸਾਨ ਬੀਬੀਆਂ ਨੂੰ ਅੰਬ ਤੇ ਬਿਲ ਦਾ ਸੁਕੈਸ਼, ਵੱਖ-ਵੱਖ ਤਰ੍ਹਾਂ ਦੀ ਆਈਸ ਕਰੀਮ ਅਤੇ ਸ਼ੇਕ ਤਿਆਰ ਕਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਟਰੇਨਿੰਗ ਨਾਲ ਘਰੇਲੂ ਖਰਚਿਆਂ ਵਿੱਚ ਕਟੌਤੀ ਹੋਵੇਗੀ ਅਤੇ ਇਸ ਤਰ੍ਹਾਂ ਕਿਸਾਨ ਬੀਬੀਆਂ ਲਈ ਰੋਜ਼ਗਾਰ ਦਾ ਵਧੀਆ ਸਾਧਨ ਬਣ ਸਕਦਾ ਹੈ। ਇਸ ਟਰੇਨਿੰਗ ਵਿੱਚ ਸ਼ਾਮਲ ਹੋਈਆਂ ਕਿਸਾਨ ਬੀਬੀਆਂ ਨੇ ਆਪਣੇ ਹੱਥੀਂ ਵੀ ਆਈਸ ਕਰੀਮ, ਸ਼ੇਕ ਤੇ ਸੁਕੈਸ਼ ਤਿਆਰ ਕਰਕੇ ਵਿਖਾਇਆ। ਉਨ੍ਹਾਂ ਕਿਹਾ ਕਿ ਉਹ ਆਪਣੀ ਘਰੇਲੂ ਵਰਤੋਂ ਲਈ ਆਪਣੇ ਘਰਾਂ ਵਿੱਚ ਹੀ ਇਹ ਸਮਾਨ ਆਪ ਤਿਆਰ ਕਰਨਗੀਆਂ।

 

ਆਤਮਾ ਦੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਜਤਿੰਦਰ ਸਿੰਘ ਨੇ ਕਿਸਾਨ ਬੀਬੀਆਂ ਨੂੰ ਖੇਤੀਬਾੜੀ ਵਿਭਾਗ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਤਾਲਮੇਲ ਕਾਇਮ ਰੱਖਣ ਅਤੇ ਅਜਿਹੇ ਟਰੇਨਿੰਗ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਘਰੇਲੂ ਬਗੀਚੀ ਅਤੇ ਖੇਤ ਵਿੱਚ ਮੋਟਰ ਤੇ ਫਲਦਾਰ ਬੂਟੇ ਲਗਾਉਣ ਲਈ ਵੀ ਪ੍ਰੇਰਿਆ ਅਤੇ ਗੋਬਰ ਧਨ ਸਕੀਮ ਬਾਰੇ ਵੀ ਦੱਸਿਆ। ਸਹਾਇਕ ਤਕਨੀਕੀ ਮੈਨੇਜਰ ਕਿਰਨਜੀਤ ਕੌਰ ਨੇ ਕਿਹਾ ਕਿ ਔਰਤਾਂ ਨੂੰ ਆਪਣੇ ਛੋਟੇ-ਛੋਟੇ ਗਰੁੱਪ ਬਣਾ ਕੇ ਖੁਦ ਮਾਰਕੀਟਿੰਗ ਵੱਲ ਧਿਆਨ ਦੇਣਾ ਚਾਹੀਦਾ ਹੈ।

 

ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਅਮਲੋਹ ਡਾ: ਇਕਲਬਾਲਜੀਤ ਸਿੰਘ ਬੈਨੀਪਾਲ, ਪਿੰਡ ਟਿੱਬੀ ਦੀ ਸਰਪੰਚ ਬਲਵਿੰਦਰ ਕੌਰ, ਹਰਜੀਤ ਕੌਰ, ਸੁਖਜੀਤ ਕੌਰ, ਰਣਜੀਤ ਕੌਰ, ਰਾਜਦੀਪ ਕੌਰ ਸਮੇਤ ਪਿੰਡ ਦੇ ਕਿਸਾਨਾਂ ਤੇ ਕਿਸਾਨ ਬੀਬੀਆਂ ਨੇ ਭਾਗ ਲਿਆ।

Leave a Reply

Your email address will not be published. Required fields are marked *