ਐਸਆਈ ਕੁੱਟਮਾਰ ਵਿਵਾਦ-ਵਿਧਾਇਕ ਅਮਰਪਾਲ ਸਿੰਘ ਨੇ ਘਟਨਾ ਵਾਲੇ ਦਿਨ ਦੀਆਂ ਸੀਸੀਟੀਵੀ ਵੀਡੀਓਜ਼ ਕੀਤੀਆਂ ਜਾਰੀ, ਐਸਐਸਪੀ ਤੋਂ ਐਸਆਈ ਖਿਲਾਫ਼ ਕੀਤੀ ਕਾਰਵਾਈ ਦੀ ਮੰਗ

ਐਸਆਈ ਕੁੱਟਮਾਰ ਵਿਵਾਦ-ਵਿਧਾਇਕ ਅਮਰਪਾਲ ਸਿੰਘ ਨੇ ਘਟਨਾ ਵਾਲੇ ਦਿਨ ਦੀਆਂ ਸੀਸੀਟੀਵੀ ਵੀਡੀਓਜ਼ ਕੀਤੀਆਂ ਜਾਰੀ, ਐਸਐਸਪੀ ਤੋਂ ਐਸਆਈ ਖਿਲਾਫ਼ ਕੀਤੀ ਕਾਰਵਾਈ ਦੀ ਮੰਗ

ਬਟਾਲਾ, 21 ਅਗਸਤ-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਅੱਜ ਆਪਣੇ ਪਿੰਡ ਮਿਸ਼ਰਪੁਰਾ ਸਥਿੱਤ ਦਫ਼ਤਰ ਵਿੱਚ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਪੁਲੀਸ ਦੇ ਇੱਕ ਐਸਆਈ ਵੱਲੋਂ ਇਸੇ ਦਫ਼ਤਰ ਵਿੱਚ ਕੁੱਝ ਆਪ ਵਰਕਰਾਂ ’ਤੇ ਕੁੱਟਮਾਰ ਅਤੇ ਪੱਗ ਲਾਹੁਣ ਦੇ ਲਾਏ ਦੋਸ਼ਾਂ ਨੂੰ ਸਿਰੇ ਨੂੰ ਨਕਾਰਦਿਆਂ ਘਟਨਾ ਵਾਲੇ ਦਿਨ ਦੀਆਂ ਸੀਸੀਟੀਵੀ ਵੀਡੀਓਜ਼ ਜਾਰੀ ਕੀਤੀਆਂ ਅਤੇ ਸਾਰੇ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਤਿੰਨ ਕਮਰੇ ਹਨ ਅਤੇ ਦਫ਼ਤਰ ਵਿੱਚ ਕੈਮਰੇ ਲੱਗੇ ਹੋਏ ਹਨ ਅਤੇ ਘਟਨਾ ਵਾਲੇ ਦਿਨ ਦੀ ਸਾਰੀ ਵੀਡੀਓ ਕੈਮਰਿਆਂ ਵਿੱਚ ਰਿਕਾਰਡ ਹੈ। ਉਨ੍ਹਾਂ ਦੱਸਿਆ ਕਿ ਵੀਡੀਓ ਵਿੱਚ ਵੀ ਸਾਫ਼ ਵਿਖਾਈ ਦਿੰਦਾ ਹੈ ਕਿ ਉਕਤ ਐਸਆਈ ਦੇ ਸਿਰ ਦੀ ਪਗੜੀ ਨਹੀਂ ਲੱਥੀ। ਉਨ੍ਹਾਂ ਫਿਰ ਦੁਹਰਾਇਆ ਕਿ ਘਟਨਾ ਵਾਲੇ ਦਿਨ ਉਕਤ ਐਸਆਈ ਅਤੇ ਆਪ ਵਰਕਰਾਂ ਦਰਮਿਆਨ ਤਕਰਾਰ ਜਰੂਰ ਹੋਈ ਸੀ ਅਤੇ ਜਦੋਂ ਉਹ ਆਪਣੇ ਕਮਰੇ ਵਿੱਚੋਂ ਉੱਠ ਕੇ ਦੂਸਰੇ ਕਮਰੇ ਵਿੱਚ ਆਏ ਤਾਂ ਉਸ ਸਮੇਂ ਵੀ ਐਸਆਈ ਦੀ ਪੱਗ ਨਹੀਂ ਲੱਥੀ ਸੀ। ਉਨ੍ਹਾਂ ਦੱਸਿਆ ਕਿ ਉਕਤ ਐਸਆਈ ਨੇ ਇੱਕ ਆਪ ਵਰਕਰ ਦੀ ਲੜਕੀ ਬਾਰੇ ਬਹੁਤ ਹੀ ਗਲਤ ਅਤੇ ਅਸਹਿਣਯੋਗ ਗੱਲਾਂ ਕੀਤੀਆਂ ਸਨ ਜਿਸ ਕਰਕੇ ਉਕਤ ਐਸਆਈ ਕੈਲਾਸ਼ ਚੰਦਰ ਨੂੰ ਉਨ੍ਹਾਂ ਨੇ ਆਪਣੇ ਦਫ਼ਤਰ ਸਮਝਾਉਣ ਲਈ ਬੁਲਾਇਆ ਸੀ ਤਾਂ ਜੋ ਵਿਵਾਦ ਨੂੰ ਖਤਮ ਕੀਤਾ ਜਾ ਸਕੇ ਕਿਉਂ ਕਿ ਉਕਤ ਆਪ ਵਰਕਰ ਕਾਫੀ ਸਦਮੇ ਵਿੱਚ ਸੀ ਅਤੇ ਐਸਆਈ ਵੱਲੋਂ ਜ਼ਲੀਲ ਕਰਨ ’ਤੇ ਖੁਦਕੁਸ਼ੀ ਕਰ ਲੈਣ ਬਾਰੇ ਕਹਿ ਰਿਹਾ ਸੀ। ਉਨ੍ਹਾਂ ਉਕਤ ਸਾਰੇ ਮੁੱਦੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਅਤੇ ਕਿਹਾ ਕਿ ਅਕਾਲੀ ਲੀਡਰਾਂ ਨੂੰ ਸਰਕਾਰ ਖਿਲਾਫ਼ ਕੋਈ ਮੁੱਦਾ ਨਹੀਂ ਮਿਲ ਰਿਹਾ ਜਿਸ ਕਰਕੇ ਉਹ ਅਜਿਹੇ ਝੂਠੇ ਦੋਸ਼ ਲਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਆਪਣੇ ਮੁਲਾਜ਼ਮ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਹੈ ਜਦਕਿ ਉਕਤ ਮਾਮਲੇ ਵਿੱਚ ਲੜਕੀ ਦੇ ਪਿਤਾ ਨੇ ਕਰੀਬ 10 ਦਿਨ ਪਹਿਲਾਂ ਪੁਲੀਸ ਨੂੰ ਬਿਆਨ ਵੀ ਦਰਜ ਕਰਵਾਏ ਸਨ ਪਰ ਪੁਲੀਸ ਨੇ ਫਿਲਹਾਲ ਉਸ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਹ ਐਸਐਸਪੀ ਬਟਾਲਾ ਕੋਲੋਂ ਵੀ ਮੰਗ ਕਰਨਗੇ ਕਿ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਉਕਤ ਐਸਆਈ ਜਾਂ ਹੋਰ ਕਿਸੇ ਵੀ ਕਸੂਰਵਾਰ ਵਿਅਕਤੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *