ਆਂਗਣਵਾੜੀ ਕੇਂਦਰਾਂ ਤੋਂ ਦਲੀਆ ਅਤੇ ਖਿਚੜੀ ਦੇ ਨਮੂਨੇ ਲਏ
ਕਮਿਸ਼ਨ ਦੇ ਮੈਂਬਰ ਨੇ ਸਕੂਲੀ ਵਿਦਿਆਰਥੀਆਂ ਨਾਲ ਮਿਡ-ਡੇ-ਮੀਲ ਬਾਰੇ ਗੱਲਬਾਤ ਕੀਤੀ ਅਤੇ ਬੱਚਿਆਂ ਨਾਲ ਮਿਡ-ਡੇ-ਮੀਲ ਖੁਦ ਵੀ ਖਾਧਾ
ਬਟਾਲਾ, 29 ਅਗਸਤ ( ਸੁਭਾਸ਼ ਸਹਿਗਲ ) ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਬਲਾਕ ਬਟਾਲਾ ਦੇ ਵੱਖ-ਵੱਖ ਸਰਕਾਰੀ ਸਕੂਲਾਂ, ਸਰਕਾਰੀ ਰਾਸ਼ਨ ਡਿਪੂਆਂ ਅਤੇ ਆਂਗਣਵਾੜੀ ਕੇਂਦਰਾਂ ਦਾ ਅਚਨਚੇਤ ਦੌਰਾ ਕਰਕੇ ਲਾਭਕਾਰੀ ਸਕੀਮਾਂ ਦਾ ਨਿਰੀਖਣ ਕੀਤਾ। ਇਸ ਮੌਕੇ ਆਂਗਣਵਾੜੀ ਕੇਂਦਰਾਂ ਤੋਂ ਦਲੀਆ ਅਤੇ ਖਿਚੜੀ ਦੇ ਨਮੂਨੇ ਵੀ ਲਏ ਗਏ।
ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਬਲਾਕ ਬਟਾਲਾ ਦੇ ਪਿੰਡ ਧੀਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸਰਕਾਰੀ ਮਿਡਲ ਸਕੂਲ ਅਤੇ ਆਂਗਣਵਾੜੀ ਨੰਬਰ 1 ਅਤੇ 2 ਅਤੇ ਪਿੰਡ ਹਰਦੋਝੰਡੇ ਵਿੱਚ ਮੌਜੂਦ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸਰਕਾਰੀ ਹਾਈ ਸਕੂਲ, ਸਰਕਾਰੀ ਰਾਸ਼ਨ ਡਿਪੂ ਅਤੇ ਤਿੰਨ ਆਂਗਣਵਾੜੀ ਕੇਂਦਰਾਂ ਦਾ ਦੌਰਾ ਕੀਤਾ।
ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਆਂਗਣਵਾੜੀ ਵਿੱਚ ਦਿੱਤੇ ਜਾਣ ਵਾਲੇ ਭੋਜਨ ਪਦਾਰਥਾਂ ਦੀ ਗੁਣਵੱਤਾ ਸਬੰਧੀ ਰਿਪੋਰਟਾਂ ਆ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਕਮਿਸ਼ਨ ਨੇ ਵੱਖ-ਵੱਖ ਆਂਗਣਵਾੜੀ ਕੇਂਦਰਾਂ ਤੋਂ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਦੀ ਜਾਂਚ ਕੀਤੀ ਜਾ ਸਕੇ। ਇਸ ਸਬੰਧ ਵਿੱਚ ਅੱਜ ਦਲੀਆ ਅਤੇ ਖਿਚੜੀ ਦੇ ਸੈਂਪਲ ਲਏ ਗਏ ਹਨ। ਜਿਸ ਦਾ ਟੈਸਟ ਲੈਬ ਵਿੱਚ ਕੀਤਾ ਜਾਵੇਗਾ।
ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਸਕੂਲਾਂ ਵਿੱਚ ਮਿਡ-ਡੇ-ਮੀਲ ਫੂਡ ਸਵਾਦ ਰਜਿਸਟਰ ਨੂੰ ਕਾਇਮ ਰੱਖਣ, ਬੱਚਿਆਂ ਨੂੰ ਸਾਫ਼-ਸੁਥਰਾ ਭੋਜਨ ਮੁਹੱਈਆ ਕਰਵਾਉਣ ਅਤੇ ਖਾਣਾ ਬਣਾਉਣ ਅਤੇ ਪਰੋਸਣ ਸਮੇਂ ਸਾਫ਼-ਸਫ਼ਾਈ ਦਾ ਧਿਆਨ ਰੱਖਣ ਦੀਆਂ ਹਦਾਇਤਾਂ ਦਿੱਤੀਆਂ। ਕਮਿਸ਼ਨ ਦੇ ਮੈਂਬਰ ਨੇ ਸਕੂਲੀ ਵਿਦਿਆਰਥੀਆਂ ਨਾਲ ਮਿਡ-ਡੇ-ਮੀਲ ਬਾਰੇ ਗੱਲਬਾਤ ਕੀਤੀ ਅਤੇ ਬੱਚਿਆਂ ਨਾਲ ਮਿਡ-ਡੇ-ਮੀਲ ਖੁਦ ਵੀ ਖਾਧਾ ।
ਕਮਿਸ਼ਨ ਦੇ ਮੈਂਬਰ ਨੇ ਹਦਾਇਤ ਕੀਤੀ ਕਿ ਸਕੂਲ ਵਿੱਚ ਟੀ.ਡੀ.ਐਸ ਅਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਜਾਂਚ ਸਬੰਧਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਕੀਤੀ ਜਾਵੇ। ਇਸ ਤੋਂ ਇਲਾਵਾ ਕਮਿਸ਼ਨ ਨੇ ਸਕੂਲੀ ਵਿਦਿਆਰਥੀਆਂ ਦੀ ਸਿਹਤ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਅਤੇ ਮਿਡ ਡੇ ਮੀਲ ਵਰਕਰਾਂ ਦਾ ਮੈਡੀਕਲ ਚੈਕਅੱਪ ਕਰਨ ਦੇ ਵੀ ਨਿਰਦੇਸ਼ ਦਿੱਤੇ। ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਆਂਗਣਵਾੜੀ ਕੇਂਦਰਾਂ ਦੀ ਚੈਕਿੰਗ ਕਰਦਿਆਂ ਇੰਚਾਰਜਾਂ ਅਤੇ ਹੈਲਪਰਾਂ ਨੂੰ ਹਦਾਇਤ ਕੀਤੀ ਕਿ ਉਹ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਸਰਕਾਰ ਦੀਆਂ ਨਵੀਨਤਮ ਸਕੀਮਾਂ ਬਾਰੇ ਜਾਣਕਾਰੀ ਦੇਣ।
ਵਿਜੇ ਦੱਤ ਨੇ ਸਾਰੇ ਰਾਸ਼ਨ ਡਿਪੂਆਂ ਵਿੱਚ ਬਾਇਓਮੀਟ੍ਰਿਕ ਮਸ਼ੀਨਾਂ ਆਉਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਪਰ ਡਿਪੂ ਹੋਲਡਰਾਂ ਵੱਲੋਂ ਲਾਭਪਾਤਰੀਆਂ ਨੂੰ ਕਈ ਦਿਨ ਪਹਿਲਾਂ ਪਰਚੀ ਕੱਟਣ ਲਈ ਬੁਲਾਉਣ ਅਤੇ ਬਾਅਦ ਵਿੱਚ ਦੁਬਾਰਾ ਕਣਕ ਦੀ ਚੁਕਾਈ ਲਈ ਬੁਲਾਉਣ ’ਤੇ ਇਤਰਾਜ਼ ਜਤਾਇਆ। ਵਿਜੇ ਦੱਤ ਨੇ ਕਿਹਾ ਕਿ ਇੱਕ ਗਰੀਬ ਵਿਅਕਤੀ ਦਿਹਾੜੀਦਾਰ ਮਜ਼ਦੂਰ ਦਾ ਕੰਮ ਕਰਦਾ ਹੈ, ਉਸ ਨੂੰ ਵਾਰ-ਵਾਰ ਫੋਨ ਕਰਨਾ ਠੀਕ ਨਹੀਂ, ਇਸ ਲਈ ਲਾਭਪਾਤਰੀ ਨੂੰ ਇੱਕ ਵਾਰ ਹੀ ਬੁਲਾਇਆ ਜਾਵੇ, ਉਸ ਦੀ ਪਰਚੀ ਕੱਟ ਕੇ ਤੁਰੰਤ ਕਣਕ ਦਿੱਤੀ ਜਾਵੇ।
ਦੌਰੇ ਦੌਰਾਨ ਕਮਿਸ਼ਨ ਮੈਂਬਰ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ, ਸਰਕਾਰੀ ਰਾਸ਼ਨ ਡਿਪੂਆਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਹੈਲਪਲਾਈਨ ਨੰਬਰ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਲਾਭਪਾਤਰੀ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੀਆਂ ਸਕੀਮਾਂ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਕਮਿਸ਼ਨ ਦੇ ਹੈਲਪ ਲਾਈਨ ਨੰਬਰ 9876764545 ’ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
——————