ਪਠਾਨਕੋਟ, ਘਰੋਟਾ 19 ਜੂਨ (ਅਵਿਨਾਸ਼ ਸ਼ਰਮਾ,ਜਤਿਨ ਸਹਿਗਲ,ਮਨੀ ਸ਼ਰਮਾ) –
ਹੈਲਥ ਇੰਸਪੈਕਟਰ ਅਮਰਬੀਰ ਸਿੰਘ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਮਲੇਰੀਆ ਤੇ ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਤੇ ਆਸ-ਪਾਸ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਕੱਠਾ ਹੋਇਆ ਹੀ ਪਾਣੀ ਮਲੇਰੀਆ ਤੇ ਡੇਂਗੂ ਵਰਗੇ ਮੱਛਰਾਂ ਦਾ ਕਾਰਨ ਬਣਦਾ ਹੈ, ਇਸ ਲਈ ਸਾਵਧਾਨੀ ਵਰਤਣ ਦੀ ਲੋੜ ਹੈ।
ਹੈਲਥ ਇੰਸਪੈਕਟਰ ਅਮਰਬੀਰ ਸਿੰਘ ਨੇ ਕਿਹਾ ਕਿ ਹਫ਼ਤੇ ਦੇ ਹਰ ਸ਼ੁਕਰਵਾਰ ਨੂੰ ‘ਡਰਾਈ ਡੇ’ ਵਜੋਂ ਮਨਾਉਂਦੇ ਹੋਏ ਆਪਣੇ ਘਰਾਂ ਵਿੱਚਲੇ ਕੂਲਰ, ਗਮਲਿਆਂ, ਫਰਿੱਜਾਂ ਦੀਆਂ ਪਿਛਲੇ ਪਾਸੇ ਦੀਆਂ ਟਰੇਆਂ ਆਦਿ ਵਿਚੋਂ ਪਾਣੀ ਸੁਕਾਇਆ ਜਾਵੇ ਤਾਂ ਜੋ ਪਾਣੀ ਦੇ ਕਾਰਨ ਮੱਛਰ ਪੈਦਾ ਨਾ ਹੋ ਸਕਣ। ਉਨਾਂ ਕਿਹਾ ਕਿ ਟਾਇਰ-ਟਿਊਬਾਂ, ਕੂਲਰਾਂ, ਟੁੱਟੇ ਭਾਂਡਿਆਂ, ਕੂਲਰਾਂ ਆਦਿ ਵਿੱਚ ਵੀ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ। ਉਨਾਂ ਕਿਹਾ ਕਿ ਡੇਂਗੂ, ਮਲੇਰੀਆ ਤੋਂ ਬਚਣ ਲਈ ਮੱਛਰਾਂ ਕੋਲੋਂ ਆਪਣਾ ਬਚਾਅ ਕੀਤਾ ਜਾਵੇ ਅਤੇ ਰਾਤ ਨੂੰ ਸੌਣ ਸਮੇਂ ਸਰੀਰ ਨੂੰ ਢੱਕਿਆ ਜਾਵੇ। ਉਨਾਂ ਕਿਹਾ ਕਿ ਮੱਛਰਦਾਰੀ ਜਾਂ ਮੱਛਰ ਭਜਾਊ ਕਰੀਮਾਂ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਉਹਨਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਮਲੇਰੀਆ, ਡੇਂਗੂ ਦੇ ਸਾਰੇ ਟੈਸਟ ਅਤੇ ਇਲਾਜ ਮੁਫ਼ਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਰੀਜ਼ ਨੂੰ ਡੇਂਗੂ ਜਾਂ ਮਲੇਰੀਆ ਦੀ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਉਸ ਨੂੰ ਇਲਾਜ ਲਈ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਲਿਆਂਦਾ ਜਾਵੇ ਨਾਂ ਕਿ ਕਿਸੇ ਝੋਲਾ ਛਾਪ ਡਾਕਟਰ ਕੋਲੋਂ ਇਲਾਜ ਕਰਵਾਇਆ ਜਾਵੇ।