ਕਾਂਗਰਸ ਨੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚਿਆ- ਗੁਰਪ੍ਰਤਾਪ ਸਿੰਘ ਵਡਾਲ

ਕਾਂਗਰਸ ਨੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚਿਆ- ਗੁਰਪ੍ਰਤਾਪ ਸਿੰਘ ਵਡਾਲ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਵਿਚ ਅਥਾਹ ਵਿਕਾਸ ਹੋਇਆ- ਮਹਿੰਦਰ ਸਿੰਘ ਕੇ.ਪੀ.
ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਦੀ ਅਗਵਾਈ ਵਿਚ ਨਕੋਦਰ ਵਿਖੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਦਫਤਰ ਦਾ ਉਦਘਾਟਨ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਹਾਜ਼ਰ ਹੋਏ। ਇਸ ਮੌਕੇ ਹਲਕਾ ਇੰਚਾਰਜ ਗੁਰਪ੍ਰਤਾਪ ਸਿੰਘ ਵਡਾਲਾ ਨੇ ਬੋਲਦਿਆਂ ਕਿਹਾ ਕਿ ਕਾਂਗਰਸ ਦੀ ਮੰਸ਼ਾ ਪੰਜਾਬ ਲਈ ਸਾਫ ਨਹੀਂ ਹੈ। ਜਿਹੜੇ ਪੰਜਾਬ ਤੋਂ ਚੰਡੀਗੜ੍ਹ ਨੂੰ ਖੋਹਣ ਨੂੰ ਫਿਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੈਨੀਫ਼ੈਸਟੋ ਵਿਚ ਸਾਫ-ਸਾਫ ਲਿਖਿਆ ਹੈ ਕਿ ਚੰਡੀਗੜ੍ਹ ਨੂੰ ਅਲੱਗ ਸਟੇਟ ਦਾ ਦਰਜਾ ਦਿੱਤਾ ਜਾਵੇਗਾ। ਜਿਸ ਇਨ੍ਹਾਂ ਦੀ ਮਨਸ਼ਾ ਸਾਫ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ। ਕਿਉਂਕਿ ਇਨ੍ਹਾਂ ਦੇ ਮੰਤਰੀ ਵੀ ਪੰਜਾਬ ਨੂੰ ਲੁੱਟਣ ਦੀ ਤਾਕ ਵਿਚ ਰਹਿੰਦੇ ਹਨ। 1984 ਸਿੱਖ ਦੰਗਿਆਂ ਦੇ ਦੋਸ਼ੀ ਵਿਅਕਤੀ ਅਜੇ ਵੀ ਇਨ੍ਹਾਂ ਦੀ ਪਾਰਟੀ ਦਾ ਹਿੱਸਾ ਹਨ ਜਦੋਂ ਕਿ ਇਨ੍ਹਾਂ ਨੂੰ ਅਜਿਹੇ ਵਿਅਕਤੀਆਂ ਨੂੰ ਪਾਰਟੀ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਨੇ ਅਜਿਹੇ ਵਿਅਕਤੀਆਂ ਨੂੰ ਪਾਰਟੀ ਵਿਚ ਉੱਚ ਅਹੁਦੇ ਦਿੱਤੇ ਹੋਏ ਹਨ, ਜਿਸ ਤੋਂ ਸਾਫ ਹੁੰਦਾ ਹੈ ਕਿ ਇਹ ਕਦੇ ਵੀ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਸੋਚ ਸਕਦੇ। ਕਾਂਗਰਸ ਦੀਆਂ ਮਾਰੂ ਨੀਤੀਆਂ ਕਾਰਨ ਹੀ ਇਨ੍ਹਾਂ ਦੀ ਸਰਕਾਰ ਨਹੀਂ ਬਣਦੀ, ਜਿਹੜੇ ਸੂਬਿਆਂ ਵਿਚ ਇਨ੍ਹਾਂ ਦੀ ਸਰਕਾਰ ਬਣਦੀ ਵੀ ਹੈ ਉਥੇ ਵੀ ਇਨ੍ਹਾਂ ਦੇ ਮੈਂਬਰਾਂ ਦੀ ਆਪਸੀ ਫੁੱਟ ਕਾਰਨ ਸਰਕਾਰ ਡਿੱਗ ਜਾਂਦੀ ਹੈ।
ਉਥੇ ਹੀ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਮਰਹੂਮ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਕਿੰਨਾ ਵਿਕਾਸ ਕਰਵਾ ਦਿੱਤਾ। ਪੰਜਾਬ ਵਿਚ 4 ਲੇਨ 6 ਲੇਨ ਸੜਕਾਂ ਬਣਵਾ ਦਿੱਤੀਆਂ। ਹਰ ਘਰ ਵਿਚ 24 ਘੰਟੇ ਬਿਜਲੀ ਸਪਲਾਈ ਹੋਣ ਲੱਗ ਪਈ। ਪੰਜਾਬ ਸਿੱਖਿਆ ਵਿਚ ਪਹਿਲੇ ਨੰਬਰ ‘ਤੇ ਆਉਣ ਲੱਗਾ। ਗਰੀਬਾਂ ਨੂੰ ਹਸਪਤਾਲ ਜਾਣ ਵਿਚ ਦਿੱਕਤ ਹੁੰਦੀ ਸੀ ਤਾਂ ਉਨ੍ਹਾਂ 108 ਐਂਬੂਲੈਂਸ ਸੇਵਾ ਸ਼ੁਰੂ ਕਰਵਾਈ ਤਾਂ ਹਰ ਗਰੀਬ ਨੂੰ ਆਪਣੇ ਮਰੀਜ਼ ਪਰਿਵਾਰਕ ਮੈਂਬਰ ਨੂੰ ਹਸਪਤਾਲ ਲਿਜਾਉਣ ਵਿਚ ਹੁਣ ਕੋਈ ਦਿੱਕਤ ਨਹੀਂ ਹੁੰਦੀ। ਸਰਕਾਰ ਦੇ ਇੰਨ੍ਹਾਂ ਕੰਮਾਂ ਦੀ ਹੁਣ ਵੀ ਲੋਕਾਂ ਵਿਚ ਗੱਲਾਂ ਹੁੰਦੀਆਂ ਹਨ ਤੇ ਹੁਣ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ ਪੰਜਾਬ ਵਿਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ।

Leave a Reply

Your email address will not be published. Required fields are marked *