ਪੰਜਾਬ ਪੁਲਿਸ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਵਾ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਲਈ ਕਰ ਰਹੀ ਹੈ ਮਦਦ
ਸਮਾਜ ਵਿੱਚੋਂ ਜੁਰਮ ਦਾ ਖਾਤਮਾ ਕਰਨ ਲਈ ਪੁਲਿਸ ਵੱਲੋਂ ਕੌਰਡਨ ਐਂਡ ਸਰਚ ਅਪਰੇਸ਼ਨ
ਬਟਾਲਾ, 9 ਅਕਤੂਬਰ ( ਸ਼ੁਭਾਸ ਸਹਿਗਲ ਜਤਿਨ ਸਹਿਗਲ)
ਸਮਾਜ ਵਿੱਚੋਂ ਨਸ਼ਿਆਂ, ਲੁੱਟਾਂ ਖੋਹਾਂ ਤੇ ਚੋਰੀ ਦੇ ਕਾਰੋਬਾਰ ਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਕੈਸੋ (ਸਰਚ ਅਭਿਆਨ) ਮੁਹਿੰਮ ਤਹਿਤ ਅੱਜ ਐਸ ਕੇ, ਰਾਮਪਾਲ,ਡੀ.ਆਈ.ਜੀ, ਐਸਟੀਐਫ ਦੀ ਅਗਵਾਈ ਵਿੱਚ ਪੁਲਿਸ ਜ਼ਿਲ੍ਹਾ ਬਟਾਲਾ ਦੀਆਂ ਵੱਖ-ਵੱਖ ਸਬ-ਡਵੀਜਨਂ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ, ਸੁਹੇਲ ਕਾਸਿਮ ਮੀਰ ਵੀ ਮੌਜੂਦ ਸਨ।
ਗਾਂਧੀ ਕੈਂਪ ਬਟਾਲਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਡੀ.ਆਈ.ਜੀ. ਸ਼੍ਰੀ ਐਸ ਕੇ ਰਾਮਪਾਲ ਨੇ ਕਿਹਾ ਕਿ ਪੰਜਾਬ ਪੁਲਿਸ ਸਮਾਜ ਨੂੰ ਜੁਰਮ ਮੁਕਤ ਕਰਨ ਲਈ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ ਅਤੇ ਇਸੇ ਕੜੀ ਤਹਿਤ ਅੱਜ ਪੁਲਿਸ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ‘ਤੇ ਕੈਸੋ ਮੁਹਿੰਮ ਅਧੀਨ ਚੈਕਿੰਗ ਕੀਤੀ ਗਈ ਹੈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਵਾ ਕੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ੇ ਦਾ ਆਦੀ ਵਿਅਕਤੀ ਨਸ਼ੇ ਛੱਡਣਾ ਚਾਹੁੰਦਾ ਹੈ ਤਾਂ ਉਹ ਪੁਲਿਸ ਨਾਲ ਵਿਭਾਗ ਸੰਪਰਕ ਕਰ ਸਕਦਾ ਹੈ। ਪੁਲਿਸ ਉਸ ਵਿਅਕਤੀ ਦਾ ਨਸ਼ਾ ਛੁਡਵਾ ਕੇ ਉਸ ਦਾ ਕਾਰੋਬਾਰ ਸ਼ੁਰੂ ਕਰਨ ਵਿੱਚ ਵੀ ਮਦਦ ਕਰੇਗੀ।
ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਉਨ੍ਹਾਂ ਨੇ ਸਪਸ਼ਟ ਚਿਤਾਵਨੀ ਦਿੰਦਿਆਂ ਕਿਹਾ ਕਿ ਅਜੇ ਵੀ ਵਕਤ ਹੈ ਕਿ ਉਹ ਨਸ਼ਿਆਂ ਦਾ ਕਾਰੋਬਾਰ ਛੱਡ ਕੇ ਸਹੀ ਰਾਹ ‘ਤੇ ਆ ਜਾਣ ਨਹੀਂ ਤਾਂ ਪੁਲਿਸ ਨਸ਼ਿਆਂ ਦਾ ਖਾਤਮਾ ਕਰਨ ਵਾਸਤੇ ਪੂਰੀ ਸਖਤੀ ਨਾਲ ਕਦਮ ਉਠਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਕਈ ਵਿਅਕਤੀਆਂ ਦੀਆਂ ਜਾਇਦਾਦਾਂ ਵੀ ਅਟੈਚ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕਿਆ ਹੈ।
ਇਸ ਮੌਕੇ ਐਸ.ਐਸ.ਪੀ, ਬਟਾਲਾ, ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਪੁਲਿਸ ਵੱਲੋਂ ਚਲਾਈ ਗਈ ਸਰਚ ਮੁਹਿੰਮ ਦੌਰਾਨ ਜ਼ਿਲ੍ਹਾ ਪੁਲਿਸ ਦੇ ਸਮੂਹ ਅਧਿਕਾਰੀਆਂ ਤੋਂ ਇਲਾਵਾ ਪੁਲਿਸ ਕਰਮਚਾਰੀ ਮੋਜੂਦ ਸਨ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਜਿਲ੍ਹਾ ਬਟਾਲਾ ਵਲੋਂ ਨਸ਼ਿਆ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਪੁਲਿਸ ਜਿਲ੍ਹਾ ਬਟਾਲਾ, ਜਿਥੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ, ਉਥੇ ਹੀ ਆਉਣ ਵਾਲੀਆਂ ਪੰਚਾਇਤੀ ਚੋਣਾਂ ਲਈ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦੇ ਸਰਚ ਅਭਿਆਨ ਦੌਰਾਨ ਜ਼ਮਾਨਤਾਂ ‘ਤੇ ਬਾਹਰ ਆਏ ਮੁਲਜ਼ਮਾਂ ਦੀ ਚੈਕਿੰਗ ਵੀ ਕੀਤੀ ਗਈ।
ਪੁਲਿਸ ਜਿਲ੍ਹਾ ਬਟਾਲਾ ਵਲੋਂ ਬਟਾਲਾ ਦੇ ਗਾਂਧੀ ਕੈਂਪ, ਫਤਿਹਗੜ੍ਹ ਚੂੜੀਆਂ ਦੇ ਪਿੰਡ ਸ਼ਾਮਪੁਰ, ਡੇਰਾ ਬਾਬਾ ਨਾਨਕ ਦੇ ਪਿੰਡ ਹਰੂਵਾਲ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਭੋਮਾ ਬੋਹਜਾ ਵਿਖੇ ਸਰਚ ਅਭਿਆਨ ਚਲਾਇਆ ਗਿਆ।
ਇਸ ਮੌਕੇ ਐਸਪੀ (ਐੱਚ) ਸ੍ਰੀਮਤੀ ਜਸਵੰਤ ਕੋਰ, ਐਸ.ਪੀ. (ਡੀ), ਜੀ ਐਸ ਸਹੋਤਾ, ਡੀ.ਐਸ.ਪੀ. ਸਿਟੀ ਸੰਜੀਵ ਕੁਮਾਰ ਤੋਂ ਇਲਾਵਾ ਵੱਖ-ਵੱਖ ਥਾਣਿਆਂ ਦੇ ਮੁੱਖ ਥਾਣਾ ਅਫਸਰ ਤੇ ਕਰੀਬ 700 ਪੁਲਿਸ ਮੁਲਾਜ਼ਮ ਹਾਜ਼ਰ ਸਨ।