ਫੋਕੀ ਸ਼ੋਹਰਤ ਹਾਸਲ ਕਰਨ ਵਾਲੇ ਰਵਾਇਤੀ ਪਾਰਟੀਆਂ ਦੇ ਆਗੂ ਆਪਣੇ ਗਿਰੇਬਾਨ ਵਿੱਚ ਝਾਕਣ-ਸੀਨੀਅਰ ਆਗੂ ਆਦਮੀ ਪਾਰਟੀ
ਕਿਹਾ-ਬਟਾਲਾ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਵਿੱਚ ਵਿਚਰਨ ਵਾਲੇ ਨੋਜਵਾਨ ਵਿਧਾਇਕ ਸ਼ੈਰੀ ਕਲਸੀ ਨੇ ਵਿਰੋਧੀਆਂ ਦੀ ਨੀਂਦ ਉਡਾਈ
ਬਟਾਲਾ, 2 ਅਗਸਤ 2024 : ( ਸੁਭਾਸ ਸਹਿਗਲ)
ਬਟਾਲਾ ਸ਼ਹਿਰ ਵਿੱਚ ਪਿਛਲੇ ਢਾਈ ਸਾਲਾਂ ਦੇ ਵਿਕਾਸ ਅਤੇ ਲੋਕਾਂ ਵਿੱਚ 24 ਘੰਟੇ ਰਹਿਣ ਵਾਲੇ ਨੋਜਵਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਕਾਰਜਸ਼ੈਲੀ ਤੋਂ ਵਿਰੋਧੀ ਇਸ ਕਦਰ ਘਬਰਾਏ ਹੋਏ ਹਨ ਕਿ ਉਹ ਫੋਕੀ ਸ਼ੋਹਰਤ ਹਾਸਲ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰਨ ਦੀ ਨਾਕਾਮ ਕੋਸ਼ਿਸ ਕਰ ਰਹੇ ਹਨ। ਅੱਜ ਬਟਾਲਾ ਦੇ ਵਸੀਨਕ ਅਤੇ ਆਪ ਦੇ ਸੀਨੀਅਰ ਆਗੂ ਯਸ਼ਪਾਲ ਚੌਹਾਨ, ਪ੍ਰਧਾਨ ਸਵਰਨਕਾਰ ਸੰਘ ਪੰਜਾਬ, ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ, ਗੋਲਡੀ ਬਾਜਵਾ ਅਤੇ ਮਾਣਿਕ ਮਹਿਤਾ ਨੇ ਜੋਰਦਾਰ ਸਬਦਾਂ ਵਿੱਚ ਵਿਰੋਧੀਆਂ ਨੂੰ ਜਵਾਬ ਦਿੱਤਾ ਕਿ ਬਟਾਲਾ ਸ਼ਹਿਰ ਦੀ ਤੁਲਨਾ ਬਿਹਾਰ ਰਾਜ ਨਾਲ ਕਰਕੇ ਉਨਾਂ ਨੇ ਆਪਣੀ ਸੋੜੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ।
ਸੀਨੀਅਰ ਆਗੂ ਯਸ਼ਪਾਲ ਚੌਹਾਨ ਨੇ ਵਿਰੋਧੀਆਂ ਤੇ ਤੰਜ ਕੱਸਦਿਆਂ ਕਿਹਾ ਕਿ ‘ ਉਲਟਾ ਚੋਰ ਕੋਤਵਾਲ ਨੂੰ ਡਾਂਟੇ’। ਉਨਾਂ ਕਿਹਾ ਕਿ ਨਸ਼ਿਆਂ ਦੀ ਸ਼ੁਰੂਆਤ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹਨ ਅਤੇ ਨਸਿਆਂ ਨੂੰ ਪ੍ਰਫੁੱਲਤ ਕਰਨ ਵਿੱਚ ਇਨਾਂ ਨੇ ਸਮਾਜ ਵਿਰੋਧੀ ਅਨਸਰਾਂ ਦਾ ਸਹਿਯੋਗ ਦਿੱਤਾ। ਉਨਾਂ ਕਿਹਾ ਕਿ ਬਟਾਲਾ ਦੇ ਪਹਿਲੇ ਲੀਡਰ ਤਾਂ ਘਰੋਂ ਬਾਹਰ ਨਹੀਂ ਸਨ ਨਿਕਲਦੇ ਪਰ ਵਿਧਾਇਕ ਸ਼ੈਰੀ ਕਲਸੀ 24 ਘੰਟੇ ਲੋਕਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਉਨਾਂ ਦੀਆਂ ਮੁਸ਼ਕਿਲਾਂ ਸੁਣਕੇ ਹੱਲ ਕਰਦੇ ਹਨ। ਉਨਾਂ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਦੀ ਹਰਮਨ ਪਿਆਰਤਾ ਵਿਰੋਧੀਆਂ ਕੋਲੋਂ ਹਜ਼ਮ ਨਹੀਂ ਹੋ ਰਹੀ ਹੈ। ਉਨਾਂ ਕਿਹਾ ਕਿ ਬੇਸ਼ੱਕ ਪਿਛਲੇ ਦਿਨਾਂ ਵਿੱਚ ਕਰਾਈਮ ਦੀਆਂ ਘਟਨਾਵਾਂ ਵਾਪਰੀਆਂ ਹਨ ਪਰ ਪੁਲਿਸ ਨੇ ਕਾਰਵਾਈ ਕਰਦਿਆਂ ਦੋਸ਼ੀ ਕਾਬੂ ਵੀ ਕੀਤੇ ਹਨ, ਜੋ ਵਿਰੋਧੀ ਨੂੰ ਨਜ਼ਰ ਨਹੀਂ ਆਉਂਦੇ।
ਇਸ ਮੌਕੇ ਗੱਲ ਕਰਦਿਆਂ ਆਪ ਪਾਰਟੀ ਦੇ ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਉਹ ਨਸ਼ੇ ਵੇਚਣ ਵਾਲੇ ਤੇ ਨਸ਼ਾ ਕਰਨ ਵਾਲੇ ਵਿਰੁੱਧ ਸਖਤ ਕਾਰਵਾਈ ਕਰਨ। ਨਾਲ ਹੀ ਉਨਾਂ ਦੱਸਿਆ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ ਸਪੱਸ਼ਟ ਸਬਦਾਂ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਉਨਾਂ ਪਾਸ ਨਸ਼ਾ ਵੇਚਣ ਵਾਲੇ ਜਾਂ ਨਸ਼ੇ ਕਰਨ ਵਾਲੇ ਦੇ ਹੱਕ ਵਿੱਚ ਸਿਫਾਰਿਸ਼ ਨਾ ਲੈ ਕੇ ਆਵੇ। ਉਨਾਂ ਵਿਰੋਧੀਆਂ ਦੀ ਝਾੜਝੰਬ ਕਰਦਿਆਂ ਕਿਹਾ ਕਿ ਉਹ ਆਪਣੀ ਪੀੜੀ ਹੇਠਾਂ ਸੋਟਾ ਮਾਰਨ ਅਤੇ ਫਿਰ ਕੋਈ ਬਿਆਨ ਦੇਣ। ਉਨਾਂ ਕਿਹਾ ਕਿ ਜਦ ਵੀ ਪੁਲਿਸ ਕਿਸੇ ਨਸ਼ਾ ਵੇਚਣ ਜਾਂ ਕਰਨ ਵਲੇ ਨੂੰ ਫੜਦੀ ਹੈ ਤਾਂ ਇਹ ਵਿਰੋਧੀ ਪਾਰਟੀ ਵਾਲੇ ਝੱਟ ਉਨਾਂ ਦੀ ਪੈਰਵੀ ਕਰਨ ਲਈ ਪਹੁੰਚ ਜਾਂਦੇ ਹਨ। ਕੀ ਓਦੋਂ ਉਨਾਂ ਨੂੰ ਬਟਾਲਾ ਸ਼ਹਿਰ ਦਾ ਹੇਜ ਨਹੀਂ ਆਉਂਦਾ? ਉਨਾਂ ਕਿਹਾ ਕਿ ਨਸ਼ਾ ਬਾਰਡਰ ਪਾਰ ਤੋਂ ਪੰਜਾਬ ਸੂਬੇ ਵਿੱਚ ਆ ਰਿਹਾ ਹੈ ਅਤੇ ਇਸ ਲਈ ਕੇਂਦਰ ਸਰਕਾਰ ਨੂੰ ਸਖਤ ਕਾਰਵਾਈ ਕਰਨ ਦੀ ਅਹਿਮ ਲੋੜ ਹੈ। ਉਨਾਂ ਅੱਗੇ ਕਿਹਾ ਕਿ ਬਟਾਲਾ ਸ਼ਹਿਰ ਦੀ ਹਾਲਤ ਇਸ ਕਦਰ ਮਾੜੀ ਸੀ ਕਿ ਲੋਕ ਆਪਣੇ ਧੀ ਜਾਂ ਪੁੱਤ ਦਾ ਰਿਸ਼ਤਾ ਬਟਾਲਾ ਕਰਨ ਤੋਂ ਝਿਜਕਦੇ ਸਨ ਪਰ ਵਿਧਾਇਕ ਸ਼ੈਰੀ ਕਲਸੀ ਨੇ ਮਹਿਜ ਢਾਈ ਸਾਲਾਂ ਵਿੱਚ ਬਟਾਲਾ ਸ਼ਹਿਰ ਵਿਚਲੀ ਸੜਕਾਂ ਚੋੜੀਆਂ ਕੀਤੀਆਂ ਅਤੇ ਬਾਈਪਾਸ ਸੜਕਾਂ ਦਾ ਨਵੀਨੀਕਰਨ ਕਰਕੇ ਸੜਕਾਂ ਨੂੰ ਚੋੜਿਆ ਕੀਤਾ ਗਿਆ। ਸ਼ਹਿਰ ਵਿਚਲੇ ਚੌਂਕ ਚੋੜੇ ਕੀਤੇ ਗਏ ਅਤੇ ਸ਼ਾਨਦਾਰ ਗੇਟਾਂ ਦੀ ਉਸਾਰੀ ਚੱਲ ਰਹੀ ਹੈ। ਉਨਾਂ ਅੱਗੇ ਕਿਹਾ ਕਿ ਜੇਕਰ ਸ਼ਹਿਰ ਦੇ ਅੰਦਰੂਨੀ ਵਿਕਾਸ ਕੰਮ ਨਹੀਂ ਹੋ ਰਹੇ ਤਾਂ ਇਸ ਲਈ ਸ਼ਹਿਰ ਵਿਚਲੀ ਕਮੇਟੀ ਜ਼ਿੰਮੇਵਾਰ ਹੈ ਜੋ ਆਪਣੀ ਹਊਮੇ ਕਾਰਨ ਸ਼ਹਿਰ ਵਿੱਚ ਵਿਕਾਸ ਕਰਨ ਤੋਂ ਕੰਨੀ ਕਤਰਾ ਰਹੀ ਹੈ ਤੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ, ਜੋ ਨਿੰਦਣਯੋਗ ਹੈ।
ਇਸ ਮੌਕੇ ਗੱਲ ਕਰਦਿਆਂ ਗੋਲਡੀ ਬਾਜਵਾ ਨੇ ਕਿਹਾ ਕਿ ਬੇਸ਼ੱਕ ਪਿਛਲੇ ਦਿਨਾਂ ਵਿੱਚ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ ਪਰ ਬਟਾਲਾ ਪੁਲਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਫਿਰੋਤੀ ਮੰਗਣ ਵਾਲਾ ਗਿ੍ਰਫਤਾਰ ਕੀਤਾ ਅਤੇ ਵੱਖ-ਵੱਖ ਥਾਵਾਂ ਤੇ ਗੋਲੀ ਚਲਾਉਣ ਵਾਲੇ ਦੋਸ਼ੀ ਵੀ ਫੜ੍ਹੇ ਹਨ ਪਰ ਵਿਰੋਧੀ ਪਾਰਟੀਆਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਖਾਤਰ ਲੋਕਾਂ ਨੂੰ ਗੁੰਮਰਾਹ ਕਰਕੇ ਡਰ ਦਾ ਮਾਹੋਲ ਪੈਦਾ ਕਰਨ ਦੀ ਮਾੜੀ ਕੋਸ਼ਿਸ ਕੀਤੀ ਜਾ ਰਹੀ ਹੈ। ਉਨਾਂ ਨਾਲ ਹੀ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਪੁਲਿਸ ਵਿਭਾਗ ਦੀ ਪ੍ਰਸੰਸਾ ਕੀਤੀ ਜਾਂਦੀ ਪਰ ਇਨਾਂ ਨੂੰ ਆਪਣੀ ਫੌਕੀ ਚੌਧਰ ਲਈ ਬੇਤੁਕੀਆਂ ਬਿਆਨਬਾਜੀਆਂ ਕੀਤੀਆਂ। ਉਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਪੁਲਿਸ ਦੇ ਕਾਰਜਾਂ ਦੀ ਸਰਾਹਨਾ ਕਰਦਿਆਂ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਮਾਣ ਸਨਮਾਨ ਕਰਨ ਲਈ ਅੱਗੇ ਆਉਣ। ਉਨਾਂ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਬਟਾਲੇ ਦੇ ਭਲੇ ਲਈ ਮੁੱਦਿਆ ਦੀ ਰਾਜਨੀਤੀ ਕਰਨ।
ਇਸ ਮੌਕੇ ਆਪ ਪਾਰਟੀ ਦੇ ਨੋਜਵਾਨ ਆਗੂ ਮਾਣਿਕ ਮਹਿਤਾ ਨੇ ਕਿਹਾ ਕਿ ਵਿਰੋਧੀ ਪਾਰਟੀ ਵਾਲਿਆਂ ਨੂੰ ਸ਼ਹਿਰ ਵਿਚਲੀਆਂ ਵਾਰਦਾਤਾਂ ਦੀ ਤਾਂ ਬਹੁਤ ਚਿੰਤਾ ਹੁੰਦੀ ਹੈ ਪਰ ਜਦ ਵਾਰਦਾਤਾਂ ਹੱਲ ਕਰਕੇ ਦੋਸ਼ੀ ਫੜ੍ਹ ਲਏ ਜਾਂਦੇ ਹਨ ਤਾਂ ਉਦੋਂ ਉਹ ਕਿਥੇ ਚਲੇ ਜਾਂਦੇ ਹਨ? ਓਦੋ ਵੀ ਤਾਂ ਇਨਾਂ ਨੂੰ ਸਾਹਮਣੇ ਆ ਕੇ ਗੱਲ ਰੱਖਣੀ ਚਾਹੀਦੀ ਹੈ, ਪਰ ਨਹੀਂ, ਕਿਉਂਕਿ ਇਨਾਂ ਨੇ ਸਿਰਫ ਨਾਂਹਪੱਖੀ ਮੁੱਦਿਆਂ ਨੂੰ ਉਛਾਲ ਕੇ ਆਪਣੀ ਚੋਧਰ ਚਮਕਾਉਣੀ ਹੁੰਦੀ ਹੈ। ਉਨਾਂ ਅੱਗੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ ਸ਼ਹਿਰ ਵਿੱਚ ਕਰਵਾਏ ਰਿਕਾਰਡ ਵਿਕਾਸ ਕੰਮ ਜਿਵੇਂ ਸੜਕਾਂ ਦਾ ਨਵੀਨੀਕਰਨ, ਖੂਬਸੂਰਤ ਚੌਂਕਾਂ ਦੀ ਉਸਾਰੀ, ਨਵੇਂ ਤਹਿਸੀਲ ਕੰਪਲੈਕਸ ਦੀ ਉਸਾਰੀ ਦਾ ਕੰਮ, ਸ਼ਿਵ ਕੁਮਾਰ ਬਟਾਲਵੀ ਦਾ ਆਦਮ ਕੱਦ ਬੁੱਤ ਸਥਾਪਤ ਕਰਨ ਸਮੇਤ ਕਈ ਵੱਖ-ਵੱਖ ਵਿਕਾਸ ਕੰਮ ਕੀਤੇ ਗਏ ਹਨ, ਜੋ ਵਿਰੋਧੀ ਪਾਰਟੀਆਂ ਨੂੰ ਸ਼ਾਇਦ ਨਜ਼ਰ ਨਹੀਂ ਆਉਂਦੇ ਤੇ ਉਹ ਕੇਵਲ ਤੇ ਕੇਵਲ ਆਪਣੀ ਹਲਕੇਪਨ ਦੀ ਰਾਜਨੀਤੀ ਕਰਕੇ ਲੋਕਾਂ ਵਿੱਚ ਆਪਣੀ ਜਗ੍ਹਾ ਬਣਾਉਣ ਦੀ ਨਾਕਾਮ ਕੋਸ਼ਿਸ ਕਰ ਰਹੇ ਹਨ। ਉਨਾਂ ਸਪੱਸ਼ਟ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਵਿਕਾਸ ਦੀ ਰਾਜਨੀਤੀ ਕਰਦੇ ਹਨ ਅਤੇ ਉਨਾਂ ਵਲੋਂ ਕੀਤੇ ਵਿਕਾਸ ਕੰਮ ਸਾਡੇ ਸਾਰਿਆਂ ਦੇ ਸਾਹਮਣੇ ਨਜ਼ਰ ਆ ਰਹੇ ਹਨ।
————————–