ਹਲਕਾ ਬਟਾਲਾ ਦੀਆਂ 35 ਪੰਚਾਇਤਾਂ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਹਾਈਕੋਰਟ ਵਿੱਚ ਪਟੀਸ਼ਨ ਕੀਤੀ ਦਾਖਲ
ਬਟਾਲਾ, 10 ਅਕਤੂਬਰ ( ਸੁਭਾਸ ਸਹਿਗਲ)
ਪੰਚਾਇਤੀ ਚੋਣਾਂ ਨੂੰ ਲੈ ਕੇ ਸੱਤਾਧਾਰੀ ਪਾਰਟੀ ਵਲੋਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਧੱਕੇ ਨਾਲ ਕਾਗਜ਼ ਰੱਦ ਕਰਵਾਉਣ ਦੇ ਖਿਲਾਫ਼ ਬਟਾਲਾ ਹਲਕੇ ਤੋਂ ਸੀਨੀਅਰ ਕਾਂਗਰਸੀ ਲੀਡਰ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਹਾਈਕੋਰਟ ਦਾ ਰੁੱਖ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਬਟਾਲਾ ਅਧੀਨ ਆਉਂਦੀਆਂ 35 ਦੇ ਕਰੀਬ ਪੰਚਾਇਤਾਂ ਦੇ ਮੋਹਤਬਰਾਂ ਨੇ ਉਨਾਂ ਤੱਕ ਪਹੁੰਚ ਕੀਤੀ ਅਤੇ ਦੱਸਿਆ ਕਿ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਉਨਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਜਿਸ ਉਪਰ ਉਨਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਪੰਜਾਬ-ਹਰਿਆਣਾ ਹਾਈਕੋਰਟ ਵਿੱਚ 35 ਪੰਚਾਇਤਾਂ ਦੇ ਮੋਹਤਬਰਾਂ ਨੂੰ ਲੈ ਕੇ ਪਟੀਸ਼ਨ ਦਾਖਲ ਕਰ ਦਿੱਤੀ ਹੈ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਅੱਗੇ ਕਿਹਾ ਕਿ ਆਪ ਸਰਕਾਰ ਵਲੋਂ ਪੰਚਾਇਤੀ ਚੋਣਾਂ ਵਿੱਚ ਜੋ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗਜ਼ ਦਾਖਲ ਵੀ ਕਰਨ ਦਿੱਤੇ ਗਏ ਜਿਸ ਤੋਂ ਸਰਕਾਰ ਅਤੇ ਸਰਕਾਰ ਦੇ ਨੁਮਾਇੰਦਿਆਂ ਦੀ ਮਨਸ਼ਾ ਸਾਫ ਨਜ਼ਰ ਆ ਰਹੀ ਹੈ ਕਿ ਆਪ ਸਰਕਾਰ ਪੰਚਾਇਤੀ ਚੋਣਾਂ ਲੜਨੀਆਂ ਨਹੀਂ ਬਲਕਿ ਲੁੱਟਣਾ ਚਾਹੁੰਦੀ ਹੈ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਦੇ ਵੱਡੇ ਪੱਧਰ ’ਤੇ ਕਾਜਗ਼ ਰੱਦ ਕਰਵਾਏ ਗਏ ਜਿਸ ਨਾਲ ਲੋਕਤੰਤਰ ਦੀ ਹੱਤਿਆ ਕੀਤੀ ਗਈ ਹੈ। ਉਨਾਂ ਅੱਗੇ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਕਾਂਗਰਸ ਪਾਰਟੀ ਬਰਦਾਸ਼ਤ ਨਹੀਂ ਕਰੇਗੀ ਅਤੇ ਜਿੱਥੇ ਵੀ ਕਿਤੇ ਧੱਕੇਸ਼ਾਹੀ ਹੋਈ ਹੈ ਉਸਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਬਟਾਲਾ ਹਲਕੇ ਅਧੀਨ ਆਉਂਦੀਆਂ ਪੰਚਾਇਤਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਵੀ ਪੰਚਾਇਤ ਵਿੱਚ ਧੱਕੇਸ਼ਾਹੀ ਹੋਈ ਹੈ ਜਾਂ ਫਿਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਏ ਗਏ ਹਨ ਅਸੀਂ ਉਨਾਂ ਨਾਲ ਚੱਟਾਂਨ ਵਾਂਗ ਖੜੇ ਹਾਂ ਅਤੇ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਉਨਾਂ ਦੀ ਅਵਾਜ਼ ਨੂੰ ਹਾਈਕੋਰਟ ਤੱਕ ਉਠਾਵਾਂਗੇ। ਉਹਨਾ ਦੱਸਿਆ ਕਿ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਸੁਲਤਾਨ ਸਿੰਘ ਗਿੱਲ ਅਤੇ ਐਨ.ਪੀ.ਐਸ. ਮਾਨ ਵਲੋਂ ਰਿਟ ਦਾਖਲ ਕੀਤੀ ਗਈ ਹੈ।